Friday 16 December 2011

ਬਲਵਿੰਦਰ ਸਿੰਘ ਸਮੁੰਦਰੀਆ

ਬੰਬ
ਹੇ ਕਵੀ
ਮੈਨੂੰ ਵੀ ਦੱਸ
ਕਿਦਾਂ ਬਣਦੇ ਨੇ ਸੋਹਣੇ
ਇਹ ,ਹੁਸਨਾ ਦੇ ਗੀਤ
ਇਹ ਕਵਿਤਾ, ਇਹ ਛੰਦ,
ਮੈ ਤਾਂ ਜਦ ਵੀ ਹੈ ਜੋੜੀ
ਇਹਨਾ ਅੱਖਰਾਂ ਦੀ ਪਾਲ
ਕਦੇ ਬਣਦੀ ਬੰਦੂਕ
ਕਦੇ ਤੋਪ, ਕਦੇ ਬੰਬ
ਜਰਾ ਮੈਨੂੰ ਸਮਝਾ
ਕਿਵੇਂ ਤੇਰੇਆਂ ਖਿਆਲਾਂ ਵਿਚ
ਉਸਰਦੇ ਤਾਜ
ਮੈਂ ਤਾਂ ਜਦ ਵੀ ਉਸਾਰਾਂ
ਕਿਤੇ ਬਣ ਜਾਂਦਾ ਕਿੱਲਾ
ਕਿਤੇ ਗੜੀ, ਕਿਤੇ ਕੰਧ
ਤੇਰੀ ਸੋਚ ਦੇ ਬਗੀਚਿਆਂ 'ਚ
ਖਿੜਦੇ ਨੇ ਜਿਹੜੇ
ਇਹ ਸੂਹੇ ਸੂਹੇ ਫੁੱਲ,
ਮੇਰਿਆਂ ਹੱਥਾਂ 'ਚ ਆ ਕੇ
ਬਣ ਜਾਂਦੇ ਕਿਵੇਂ
ਇਹ ਲਹੂ ਭਿੱਜੇ ਖੰਬ,
ਤੂੰ ਬੋਲਦੈਂ,
ਤਾਂ ਤਾੜੀਆਂ ਨਾ
ਗੂੰਜੇ ਅਸਮਾਨ
ਤੇਰਾ ਹੁੰਦਾ ਸਨਮਾਨ
ਬੜੇ ਮਿਲਦੇ ਇਨਾਮ
ਮੈਂ ਬੋਲਦੈਂ, ਤਾਂ ਲੋਕ ਮੇਰੇ
ਛੱਡਦੇ ਜੈਕਾਰੇ
ਕੋਈ ਮਾਰੇ ਲਲਕਾਰੇ
ਸਰਕਾਰਾਂ ਜਾਣ ਕੰਬ
ਮੈ ਤਾਂ ਜਦ ਵੀ ਜੋੜੀ
ਇਹਨਾ ਅੱਖਰਾਂ ਦੀ ਪਾਲ
ਕਦੇ ਬਣਦੀ ਬੰਦੂਕ
ਕਦੇ ਤੋਪ ਕਦੇ ਬੰਬ

ਬਲਵਿੰਦਰ ਸਿੰਘ ਸਮੁੰਦਰੀਆ

No comments:

Post a Comment