ਮੰਚਣ

ਨਾਟਕਾਂ ਦੀ ਇੱਕ ਸ਼ਾਮ , ਭਾਈ ਮੰਨਾ ਸਿੰਘ ਦੇ ਨਾਮ
ਪੰਜਾਬੀ ਰੰਗਮੰਚ ਦੇ ਸੂਹੇ ਸੂਰਜ ਨੂੰ ਸਲਾਮ ਕਹਿਣ ਲਈ ਉਹਨਾਂ ਦੀ ਜਗਾਈ ਹੋਈ ਮਸ਼ਾਲ ਨੂੰ ਹੱਥ ਲੈ ਕੇ ਅਹਿਦ ਕਰਨ ਲਈ 'ਲੋਕ ਰੰਗਮੰਚ ਸਭਾ, ਬਰਨਾਲਾ' ਵੱਲੋਂ ਉਸ ਮਹਾਨ ਨਾਟਕਕਾਰ ਨੂੰ ਸਮਰਪਿਤ ਨਾਟ-ਮੇਲਾ ਮਿਤੀ 10-11-2011 ਨੂੰ ਸ਼ਾਮ 6:30 ਵਜੇ ਵਜੇ ਸ਼੍ਰੀ ਮਹਾਂ ਸ਼ਕਤੀ ਕਲਾ ਮੰਦਰ , ਬਰਨਾਲਾ ਵਿਖੇ ਕਰਵਾਇਆ ਗਿਆ . ਇਸਤੋਂ ਪਹਿਲਾਂ ਪੂਰੇ ਸ਼ਹਿਰ ਵਿੱਚ ਭਾਈ ਮੰਨਾ ਸਿੰਘ ਨੂੰ ਸਮਰਪਿਤ ਮਸ਼ਾਲ ਮਾਰਚ ਵੀ ਕੱਢਿਆ ਗਿਆ . ਨਾਟ ਮੇਲੇ ਦਾ ਇਹ ਪ੍ਰੋਗਰਾਮ ਪ੍ਰੋ: ਤਰਸਪਾਲ ਕੌਰ , ਮਾ . ਹਰਭਗਵਾਨ ਅਤੇ ਸ਼੍ਰੀ ਭੱਠਲ ਜੀ ਵੱਲੋਂ ਉਲੀਕਿਆ ਗਿਆ ਪ੍ਰੋਗਰਾਮ ਦੀ ਸ਼ੁਰੁਆਤ ਕੋਰੀਓਗ੍ਰਾਫੀ ਨਾਲ ਹੋਈ, ਨਾਲ ਹੀ ਸ਼੍ਰੀ ਨਰਾਇਣ ਦੱਤ ਜੀ ਨੇ ਭਾਅ ਜੀ ਦੇ ਜੀਵਨ ਬਾਰੇ ਦਰਸ਼ਕਾਂ ਨੂੰ ਚਾਨਣਾ ਪਾਇਆ . ਨਾਟਕਾਂ ਦੀ ਇਸ ਸ਼ਾਮ ਵਿੱਚ ਵੱਖੋ ਵੱਖ ਨਿਰਦੇਸ਼ਕਾਂ ਵੱਲੋਂ ਤਿੰਨ ਨਾਟਕ ਖੇਡੇ ਗਏ . ਜਿਕਰ ਯੋਗ ਹੈ ਕਿ ਮਹਾਂ ਸ਼ਕਤੀ ਕਲਾ ਮੰਦਰ ਦਾ ਹਾਲ ਕੁਝ ਸਮੇਂ ਵਿੱਚ ਹੀ ਦਰਸ਼ਕਾਂ ਨਾਲ ਖਚਾ-ਖਚ ਭਰ ਗਿਆ .

"ਬੋਹੜ ਵੱਡੇ ਗਏ" ਨਾਟਕ ਦਾ ਇੱਕ ਦ੍ਰਿਸ
ਸਭ ਤੋਂ ਪਹਿਲਾਂ ਮੈਡਮ ਤਰਸਪਾਲ ਕੌਰ ਦਾ ਲਿਖਿਆ ਨਾਟਕ ' ਬੋਹੜ ਵੱਡੇ ਗਏ' ਖੇਡਿਆ ਗਿਆ , ਜਿਸਦਾ ਮੰਚਣ ਪਹਿਲੀ ਵਾਰ ਹੀ ਕੀਤਾ ਗਿਆ . ਨਾਟਕ ਦਾ ਵਿਸ਼ਾ ਦੂਸ਼ਿਤ ਹੋਏ ਵਾਤਾਵਰਣ ਅਤੇ ਦੂਸ਼ਿਤ ਸਮਾਜ ਦੀ ਕੋਝੀ ਤਸਵੀਰ ਨੂੰ ਬਿਆਨ ਕਰਦਾ ਹੈ . ਭਾਵੇਂ ਇਸ ਨਾਟਕ ਵਿੱਚ ਕੰਮ ਕਰ ਰਹੇ ਸਾਰੇ ਪਾਤਰ ਨਵੇਂ ਸਨ ਪਰ ਫਿਰ ਵੀ ਓਹਨਾਂ ਨੇ ਇਸ ਨਾਟਕ ਨੂੰ ਬਾਖੂਬੀ ਨਿਭਾਇਆ . ਇਸਦਾ ਨਿਰਦੇਸ਼ਨ ਵੀ ਮੈਡਮ ਤਰਸਪਾਲ ਕੌਰ ਵੱਲੋਂ ਹੀ ਕੀਤਾ ਗਿਆ .

         
"ਗੰਗਈ " ਨਾਟਕ ਦਾ ਇੱਕ  ਦ੍ਰਿਸ
ਨਾਟ-ਮੇਲੇ ਵਿੱਚ ਦੂਸਰਾ ਨਾਟਕ ਪ੍ਰੋ: ਅਜਮੇਰ ਸਿੰਘ ਔਲਖ ਦਾ ਲਿਖਿਆ ਨਾਟਕ 'ਗੰਗਈ' ਜੋ ਬਹੁਤ ਹੀ ਪ੍ਰਸਿਧ ਪੰਜਾਬੀ ਨਾਟਕ 'ਝਨਾ ਦੇ ਪਾਣੀ' ਦਾ ਦੂਸਰਾ ਭਾਗ ਹੈ, ਖੇਡਿਆ ਗਿਆ . ਇਸਦਾ ਨਿਰਦੇਸ਼ਨ ਸ਼੍ਰੀ ਹਰਵਿੰਦਰ ਦੀਵਾਨਾ ਨੇ ਕੀਤਾ . ਨਾਟਕ ਦੀ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਜ਼ਮੀਦਾਰ ਜੱਗਾ ਜੁਗਤੀ ਗੰਗੀ ਨੂੰ ਆਪਣੀ ਨੂੰਹ  ਬਣਾਕੇ ਆਪਣੇ ਘਰ ਲੈ ਆਉਂਦਾ ਹੈ . ਆਪਣੇ ਪੁੱਤਰ ਦੀ ਮੰਦਬੁੱਧੀ ਦਾ ਫਾਇਦਾ ਉਠਾਉਂਦੇ ਹੋਏ ਜੁਗਤੀ ਗੰਗੀ ਤੇ ਮੈਲੀ ਅੱਖ ਰੱਖਦਾ ਹੈ ਤੇ ਇੱਕ ਦਿਨ ਮੌਕਾ ਪਾ ਕੇ ਉਸਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਉਣਾ ਲੋਚਦਾ ਹੈ ਪਰ ਗੰਗੀ ਦੇ ਵਿਰੋਧ ਅਤੇ ਹਿੰਮਤ ਸਦਕਾ ਜੁਗਤੀ ਉਸ ਹਥੋਂ ਮਾਰਿਆ ਜਾਂਦਾ ਹੈ . ਗੰਗੀ ਬਿਹਾਰ ਦੀ ਇੱਕ ਗਰੀਬ ਪਰਿਵਾਰ ਦੀ ਲੜਕੀ ਹੈ ਜਿਸਨੂੰ ਵਾਰ-ਵਾਰ ਵੇਚਿਆ-ਵੱਟਿਆ ਗਿਆ ਹੈ . ਪਰ ਹਰ ਬਰਦਾਸ਼ਤ ਦੀ ਇਕ ਚਰਨ ਸੀਮਾ ਹੁੰਦੀ ਹੈ . ਸਾਰੇ ਹੀ ਪਾਤਰਾਂ ਨੇ ਨਾਟਕ ਦੇ ਵਿਸ਼ੇ ਅਤੇ ਰੋਮਾਂਚ ਨੂੰ ਸੰਜੀਦਾ ਢੰਗ ਨਾਲ ਇੱਕ ਲੜੀ ਵਿੱਚ ਪਰੋਈ ਰੱਖਿਆ . ਇਹ ਨਾਟਕ ਦਰਸ਼ਕਾਂ ਦੇ ਦਿਲਾਂ ਉਪਰ ਇੱਕ ਵਿਲਖਣ ਛਾਪ ਛੱਡ ਗਿਆ .
         
"ਸਿਉਂਕ" ਨਾਟਕ ਦਾ ਇੱਕ ਦ੍ਰਿਸ
ਮੇਲੇ ਦਾ ਅਖੀਰਲਾ ਨਾਟਕ 'ਸਿਉਂਖ' ,ਜੋ ਗੁਰਸ਼ਰਨ ਸਿੰਘ ਭਾਅ ਜੀ ਦਾ ਨੁਕੜ ਸ਼ੈਲੀ ਦਾ ਨਾਟਕ ਹੈ . ਨਿਰਦੇਸ਼ਕ ਸ਼੍ਰੀ. ਯਾਦਵਿੰਦਰ ਠੀਕਰੀਵਾਲਾ ਵੱਲੋਂ  ਇਹ ਨਾਟਕ ਉਹਨਾਂ ਦੀ ਹੀ ਸ਼ੈਲੀ ਵਿੱਚ ਖੇਡਿਆ ਗਿਆ . ਇਸ ਨਾਟਕ ਵਿੱਚ ਭਾਅ ਜੀ ਦਾ ਲਿਖਿਆ ਇੱਕ ਡਾਇਲੋਗ " ਜਿੱਥੋਂ ਇਹ ਸਿਉਂਖ ਉਪਜਦੀ ਹੈ , ਉਸ ਜਗਾਹ ਨੂੰ ਹੀ ਫੂਕ ਦਿੱਤਾ ਜਾਵੇ " ਸਾਰੀ ਕਹਾਣੀ ਦਾ ਨਿਚੋੜ ਹੈ . ਨਾਟਕ ਵਿੱਚ ਇੱਕ ਮਿਹਨਤੀ ਵਿਜੈ ਸਿੰਘ ਹੈ ਜੋ ਉਚ-ਪੱਧਰ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਵੀ ਬੇ-ਰੁਜਗਾਰ ਹੈ . ਪੈਸਿਆਂ ਨਾਲ ਨੌਕਰੀਆਂ ਖਰੀਦੇ ਜਾਣ ਵਾਲੇ ਸਮਾਜ਼ ਵਿੱਚ ਇੱਕ ਮਿਹਨਤੀ ਤੇ ਇਮਾਨਦਾਰ ਵਿਅਕਤੀ ਨੂੰ ਨੌਕਰੀ ਮਿਲਣੀ ਬਹੁਤ ਔਖੀ ਹੈ . ਦਰ ਦਰ ਭਟਕਣ ਦੇ ਵਾਬਜੂਦ ਵੀ ਜਦ ਉਸਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਇਸ ਵਿਕਾਊ ਸਮਾਜ਼ ਵਿਰੁਧ ਲੜਨ ਦਾ ਜੁਮ੍ਹਾ ਉਠਾਉਂਦਾ ਹੈ .
          ਕੁੱਲ ਮਿਲਾ ਕੇ ਸਾਰੇ ਹੀ ਨਾਟਕਾਂ ਨੇ ਦਰਸ਼ਕਾਂ ਦਾ ਜਿਥੇ ਭਰਭੂਰ ਮਨੋਰੰਜਨ ਕੀਤਾ ਉਥੇ ਸਮਾਜ ਵਿੱਚ ਫੈਲੇ ਹੋਏ ਤਰ੍ਹਾਂ ਤਰ੍ਹਾਂ ਦੇ ਪ੍ਰਦੂਸ਼ਣ ਵਿਰੁਧ ਲੜ੍ਹਨ ਦਾ ਸੁਨੇਹਾ ਵੀ ਦਿੱਤਾ . ਅਖੀਰ ਵਿੱਚ ਪ੍ਰਿੰਸੀਪਲ ਭੱਠਲ  ਨੇ ਪਹੁੰਚੇ ਹੋਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ . ਨਾਟ-ਮੇਲੇ ਵਿੱਚ ਪ੍ਰੋ. ਜੈ ਪ੍ਰਕਾਸ਼ ਗਰਗ , ਕਹਾਣੀਕਾਰ ਭੋਲਾ ਸਿੰਘ ਸੰਗੇੜਾ ਅਤੇ ਹੋਰ ਬਹੁਤ ਸਾਰੇ ਨਾਮਵਰ ਸ਼ਖਸੀਅਤਾਂ ਵਿਰਾਜਮਾਨ ਸਨ . 
                                                                                      ਅਕਸ ਮਹਿਰਾਜ