Friday 16 December 2011

ਮਨਦੀਪ ਖੁਰਮੀ ਹਿੰਮਤਪੁਰਾ

ਮੇਰਿਆਂ ਗੁਨਾਹਾਂ ਦੀ,ਸਜ਼ਾ ਮੈਨੂੰ ਮਿਲੇ

ਮੈਂ ਓਹਨੂੰ ਬਾਂਹ ਫੜ੍ਹ ਪੁੱਛਾਂ,ਜੇ ਖ਼ੁਦਾ ਮੈਨੂੰ ਮਿਲੇ...
ਕਿ ਮੇਰਿਆਂ ਗੁਨਾਹਾਂ ਦੀ,ਸਜ਼ਾ ਮੈਨੂੰ ਮਿਲੇ।
ਬੜੀ ਵਾਰ ਮੈਂ ਜ਼ੁਬਾਨੋਂ ਬੇਜ਼ੁਬਾਨ ਹੋਇਆ ਹਾਂ,
ਕਿਵੇਂ ਉੱਤਰੀਦੈ ਪੂਰੇ ਇਹ ਸੁਝਾਅ ਮੈਨੂੰ ਮਿਲੇ।
ਕਿ ਮੇਰਿਆਂ ਗੁਨਾਹਾਂ ਦੀ........।
ਕਿਸੇ ਮਜ਼ਲੂਮ ਲਈ ਜੇ ਹਾਅ ਦਾ ਨਾਅਰਾ ਮਾਰਿਆ ਨਾ,
ਓਹੀ ਸੇਕ ਖੁਦ ਝੱਲਾਂ, ਓਹੀ ਰਾਹ ਮੈਨੂੰ ਮਿਲੇ।
ਸੁੱਖ ਮਿਲਦੇ ਤਾਂ ਝੱਟ ਖੁਸ਼ ਹੋ ਕੇ ਝੋਲੀ ਅੱਡਾਂ,
ਦੁੱਖ ਮਿਲਣ ਤਾਂ ਸੁੱਖਾਂ ਜਿਹਾ ਚਾਅ ਮੈਨੂੰ ਮਿਲੇ।
ਰਹੇ ਰਿਸ਼ਤਿਆਂ ਦੀ ਲੱਜ ਤੇ ਨਿਭਾਵਣੇ ਦਾ ਬਲ,
ਜ਼ਿੰਦਗੀ ਦੇ ਨਾਟਕਾਂ ਦੀ ਹਰ ਅਦਾ ਮੈਨੂੰ ਮਿਲੇ।
ਮਨ ਟੋਇਆਂ ਤੋਂ ਵੀ ਨੀਵਾਂ, ਮੱਤ ਪਰਬਤਾਂ ਤੋਂ ਉੱਚੀ,
ਹੋਵਾਂ ਰੇਤ ਰਾਹਾਂ ਦੀ ਇਹ ਸੁਭਾਅ ਮੈਨੂੰ ਮਿਲੇ।
ਸੱਚ ਦੇ ਰਾਹ ਚੱਲਣੇ ਤੋਂ ਥਿੜਕੇ "ਖੁਰਮੀ" ਨਾ,
ਬਸ ਲੋਕਾਂ ਲੇਖੇ ਲਾਵਾਂ, ਜੋ ਜੋ ਸਾਹ ਮੈਨੂੰ ਮਿਲੇ।
ਮੈਂ ਓਹਨੂੰ ਬਾਂਹ ਫੜ੍ਹ ਪੁੱਛਾਂ,ਜੇ ਖ਼ੁਦਾ ਮੈਨੂੰ ਮਿਲੇ...
ਕਿ ਮੇਰਿਆਂ ਗੁਨਾਹਾਂ ਦੀ,ਸਜ਼ਾ ਮੈਨੂੰ ਮਿਲੇ।

ਮਨਦੀਪ ਖੁਰਮੀ ਹਿੰਮਤਪੁਰਾ

1 comment:

  1. gunahan di MAFI ta hr koi mungda e pr sja... di himmt tusi hi kiti e..pr mainu lgda e sjavan nu jhallan di shkti v mung hi lende...

    ReplyDelete