Friday 16 December 2011

ਡਾ. ਮਨੀ ਮਹਿਰਾਜ

ਨਵਾਂ ਸਾਲ 

ਅੱਜ ਤੀਕ  ਵੇਖਿਆ ਨਾ ਮੈਂ ਤਾਂ  ਨਵਾਂ ਸਾਲ ਜੀ

ਮੁਬਾਰਕਾਂ ਦੀ  ਐਵੇਂ ਬਸ ਬਣੀ ਭੇਡ ਚਾਲ ਜੀ

ਚਲਦੀ    ਰਹਿੰਦੀ  ਤਾਰੀਕ ਨਾਲੋਂ  ਨਾਲ ਜੀ

ਜਦੋਂ  ਪੂਰਾ ਮੇਰੀ  ਸੋਚ  ਦਾ ਖਿਆਲ  ਹੋਊਗਾ  

ਹੁਣ  ਤੱਕ  ਭਾਵੇਂ ਕਿੰਨੇ ਆਏ ਗਏ  ਵਰੇ

ਪਰ ਸਾਡੇ ਲਈ ਤਾਂ ਉਦੋਂ  ਨਵਾਂ  ਸਾਲ ਹੋਊਗਾ



ਸ਼ੁਭਾ ਸ਼ੁਭਾ  ਮਾਸੂਮ  ਜੋ  ਮੰਗਦੇ   ਨੇ   ਚਾਹ

ਬਸਤੇ  ਚੁਕ  ਜਾਣਗੇ  ਸਕੂਲਾਂ   ਵਾਲੇ  ਰਾਹ

ਓਹਨਾਂ ਦੇ  ਵੀ   ਪੂਰੇ  ਹੋਣੇ  ਦਿਲਾਂ ਵਾਲੇ ਚਾਅ ,

ਤੇ  ਤਾਪ  ਮੰਗਤੇਪੁਣੇ ਦਾ  ਜਦੋਂ  ਟਾਲ ਹੋਊਗਾ

ਹੁਣ  ਤੱਕ  ਭਾਵੇਂ   ਕਿੰਨੇ  ਆਏ  ਗਏ   ਵਰੇ

ਪਰ ਸਾਡੇ ਲਈ ਤਾਂ ਉਦੋਂ  ਨਵਾਂ  ਸਾਲ ਹੋਊਗਾ    



ਹਰ  ਸਰਦਾਰ  ਸਿਰ  ਸਜੂ ਜਦੋਂ  ਪੱਗ   ਜੀ

ਜ਼ਮੀਰਾਂ 'ਚ ਵਿਰਸੇ ਲਈ ਬਲੂ ਨਾਲੇ ਅੱਗ  ਜੀ

ਵੱਖਰਾ ਪੰਜਾਬ  ਦਿਸੂ ਵਿਚ  ਸਾਰੇ  ਜੱਗ  ਜੀ

ਦੂਰੋਂ ਵੇਖਦਿਆਂ ਹੀ 'ਸਤਿ ਸ੍ਰੀ ਅਕਾਲ'  ਹੋਊਗਾ

ਹੁਣ  ਤੱਕ  ਭਾਵੇਂ   ਕਿੰਨੇ   ਆਏ    ਗਏ   ਵਰੇ

ਪਰ ਸਾਡੇ ਲਈ ਤਾਂ ਉਦੋਂ  ਨਵਾਂ  ਸਾਲ ਹੋਊਗਾ    



ਸਮਸ਼ਾਨ ਦੀ ਥਾਂ ਤੇ ਕੁੱਖਾਂ ਹੋਣਗੀਆਂ ਘਰ ਜਦੋਂ

ਜਨਮ ਲਈ ਧੀਆਂ ਨੂੰ ਨਾ ਹੋਣਾ ਭੋਰਾ ਡਰ ਜਦੋਂ

ਦਾਜ  ਦੇ  ਲੋਭੀਆਂ ਦਾ  ਲੋਭ  ਜਾਊ  ਮਰ ਜਦੋਂ

ਨਾਲੇ ਹਰ  ਇਕ  ਨਾਤਾ  ਬੇ-ਮਿਸਾਲ ਹੋਊਗਾ

ਹੁਣ  ਤੱਕ  ਭਾਵੇਂ   ਕਿੰਨੇ   ਆਏ    ਗਏ   ਵਰੇ

ਪਰ ਸਾਡੇ ਲਈ ਤਾਂ ਉਦੋਂ  ਨਵਾਂ  ਸਾਲ ਹੋਊਗਾ    



ਪੂਰੀ ਹੋਊ ਜਦੋਂ ਭਗਤ ਸਿੰਘ ਵਾਲੀ ਸੋਚ ਯਾਰੋ

ਹਰ ਇਕ ਲਊ ਹੱਕ ਆਪਣੇ ਠੋਕ- ਠੋਕ ਯਾਰੋ

ਬੇਰੁਜਗਾਰਾਂ ਤੋਂ ਹਟੂ ਜਦੋਂ ਲਾਠੀ ਦੀ ਰੋਕ  ਯਾਰੋ

ਜਦੋਂ ਹਾਕਮਾਂ ਨੂੰ  ਜਨਤਾ  ਦਾ  ਖਿਆਲ  ਹੋਊਗਾ

ਹੁਣ  ਤੱਕ  ਭਾਵੇਂ   ਕਿੰਨੇ   ਆਏ    ਗਏ   ਵਰੇ

ਪਰ ਸਾਡੇ ਲਈ ਤਾਂ ਉਦੋਂ  ਨਵਾਂ  ਸਾਲ  ਹੋਊਗਾ    





ਜਦੋਂ ਲੋਕੀ  ਸੁਨਣਗੇ  ਸੱਚੇ ਸੁਚੇ  ਗੀਤਾਂ  ਨੂੰ

ਸਰੋਵਰ ਦੇ ਜਲ ਜਹੀਆਂ ਕਰਨਗੇ  ਨੀਤਾਂ ਨੂੰ

ਪਹਿਲ ਹੋਊ ਰਬਾਬ ਦੇ ਮਿਠੇ ਜਿਹੇ ਸੰਗੀਤਾਂ ਨੂੰ

ਤੇ ਬਾਬੇ ਨਾਨਕ ਦੀ ਬਾਣੀ ਦਾ ਭੂਚਾਲ ਹੋਊਗਾ

ਹੁਣ  ਤੱਕ  ਭਾਵੇਂ   ਕਿੰਨੇ   ਆਏ    ਗਏ   ਵਰੇ

ਪਰ ਸਾਡੇ ਲਈ ਤਾਂ ਉਦੋਂ  ਨਵਾਂ  ਸਾਲ  ਹੋਊਗਾ   





ਜਦੋਂ  ਮਿਲ  ਜਾਊ  ਕਿਤੇ  ਸਾਨੂੰ  ਸਾਡਾ  ਮੀਤ

ਲਾਰਿਆਂ ਦੀ ਥਾਂ ਲਾਊ  ਜਦ ਸੱਚੀ ਜਹੀ ਪ੍ਰੀਤ

ਜਿਹਦੀ 'ਮਨੀ ਮਹਿਰਾਜ' ਰੱਖਦਾ   ਉਡੀਕ

ਤੇ ਸਾਡੇ ਤਾਲ ਨਾਲ ਜਦ ਓਹਦਾ ਤਾਲ ਹੋਊਗਾ

ਹੁਣ  ਤੱਕ  ਭਾਵੇਂ   ਕਿੰਨੇ   ਆਏ    ਗਏ   ਵਰੇ

ਪਰ ਸਾਡੇ ਲਈ ਤਾਂ ਉਦੋਂ  ਨਵਾਂ  ਸਾਲ  ਹੋਊਗਾ   

ਡਾ. ਮਨੀ ਮਹਿਰਾਜ  9464478988

No comments:

Post a Comment