Friday 16 December 2011

ਕਿਰਤਪਾਲ ਸਿੰਘ ਗਿੱਲ

" ਉਹ ਜਿਉਂਦੀ ਹੈ "
ਮੈਂ ਬੜੀ ਬੇ-ਰੁੱਖੀ
ਵਰਤਦਾ ਸੀ
ਉਸ ਫੁੱਲ ਨਾਲ
ਪਰ ਉਹਦੀ ਨਿੱਕੀ ਜਿਹੀ
ਮੁਸਕਰਾਹਟ
ਅਰਥ ਬਦਲ ਦਿੰਦੀ ਸੀ
" ਬੇ-ਰੁੱਖੀ " ਦੇ.....

"ਬੱਬੇ" ਨੂੰ ਚੁੰਨੀ ਦੇ ਲੜ
ਨਾਲ ਢਕ ਦਿੰਦੀ ਸੀ,
"ਖੱਖੇ" ਨਾਲ ਚਿੰਬੜੀ ਹੋਈ
ਉਹਦੇ ਮੋਢੇ ਤੇ ਸਿਰ ਸੁੱਟੀ
ਪਈ "ਬਿਹਾਰੀ" ਨੂੰ
ਗੁੱਤੋਂ ਫੜ ਦੂਰ ਕਰ ਦਿੰਦੀ ਸੀ,
ਤੇ..
ਰਹਿ ਜਾਂਦਾ ਸੀ ਇੱਕਲਮ-ਕੱਲਾ
ਰੁੱਖ..
ਜਿਸ ਥੱਲੇ ਉਹ ਇੱਕ ਤਰਫਾ
ਪਿਆਰ ਮਾਣਦੀ ਸੀ,
ਉਹ ਕੁੜੀ..
ਏਦਾਂ ਮੇਰੀ ਬੇ-ਰੁੱਖੀ ਵਿੱਚ
ਆਪਣੇ ਪਿਆਰ ਦਾ ਰੁੱਖ ਦੇਖਦੀ ਸੀ,

ਅੱਜ ਖੁਦ ਨੂੰ...
ਗੁਨੇਗਾਰ ਮਹਿਸੂਸ ਕਰਦਾਂ ਮੈਂ
ਪਤਾ ਨੀ ਕਿੰਨੇ ਹੀ
ਨਿੱਕੇ-ਨਿੱਕੇ ਹਾਸੇ ਜਖ਼ਮੀ ਕੀਤੇ
ਮੇਰੇ ਮੱਥੇ ਦੀਆਂ ਤਿਊੜੀਆਂ ਨੇ,
ਇਹਨਾਂ ਤਿਊੜੀਆਂ ਵਿੱਚ ਫਸ
ਦਮ ਤੋੜ ਗਏ
ਉਹਦੇ ਦਿਲ ਵਿੱਚੋਂ ਨਿਕਲੇ ਹਰਫ਼,
ਬੁੱਲਾਂ ਤੇ ਵੇਖਿਆ ਸੀ ਕਈ ਵਾਰ
ਗਹਿਰਾ ਸੋਗ,
ਨਹੀ ਦੇ ਸਕਿਆ ਇੱਕ ਨਿੱਕੀ
ਜਿਹੀ ਮੁਸਕਰਾਹਟ
ਮਸ਼ਰੂਫ ਰਿਹਾ ਆਪਣੇ ਚੁੱਪ
ਦੇ ਦਾਇਰੇ ਵਿੱਚ,
ਡੁੱਬਿਆ ਰਿਹਾ ਆਪਣੀ ਉਦਾਸੀ
ਦੇ ਸਾਗਰ ਵਿੱਚ,

ਪਰ ....
ਕੌਣ ਕਹਿੰਦਾ ਕੀ ਉਹ ਫੌਤ
ਹੋ ਚੁੱਕੀ ਹੈ..?
ਨਹੀ ਉਹ ਜਿਉਂਦੀ ਹੈ
ਮੇਰੀ ਇਸ ਕਵਿਤਾ ਰਾਹੀ
ਮੇਰੇ ਇਸ ਦਿਲ ਵਿੱਚ
ਅੱਜ ਫਿਰ ਜਨਮ ਲੈ ਲਿਆ
ਉਹਨੇ ਮੇਰੀਆਂ ਯਾਦਾਂ ਦੀ ਕੁੱਖ
ਵਿੱਚੋਂ
ਤੇ ਬਣ ਗਈ ਲਮ-ਸਲੰਮੀ
ਕਵਿਤਾ..
ਹਾਂ ਉਹ ਜਿਉਂਦੀ ਹੈ
ਤੇ ਜਿਉਂਦੀ ਰਹੇ ਗੀ

ਕਿਰਤਪਾਲ ਸਿੰਘ ਗਿੱਲ 

1 comment:

  1. tuhadi kvita da hr hrf apne app vich jiounda prteet hunda h....

    ReplyDelete