Friday 16 December 2011

ਸੁਰਜੀਤ ਗੱਗ

ਸਾਡਾ ਵੀ ਕੜ ਪਾਟਾ ਏ...

ਬੱਲੇ ਤੇਰੇ ਰਾਜਿਆ ਬੱਲੇ
ਰੋਂਦਣ ਲੱਗ ਪਿਆ ਗੱਡੀਆਂ ਥੱਲੇ
ਤੂੰ ਲੋਕਾਂ ਦੀ 'ਵਾਜ ਨੂੰ..............
ਹੋਰ ਕਿੰਨਾ ਕੁ ਥੱਲੇ ਲਾਉਣਾ, ਬੋਲ ਪੰਜਾਬ ਨੂੰ...........?

ਤੇਰਾ ਫਿਰੇ ਵਿਗੜਿਆ ਮੁੰਡਾ
ਉਹ ਪਟਵਾਊ ਕਿਸੇ ਤੋਂ ਜੂੰਡਾ
ਕੈਪਟਨ ਚੁੱਕੀ ਫਿਰਦੈ ਖੂੰਡਾ
ਹਾਲੇ ਮਨਪ੍ਰੀਤ ਵੀ ਜਿਉਂਦਾ, ਬੰਬ ਬੁਲਾ ਕੇ ਛੱਡੂਗਾ
ਜਦ ਲੋਕ ਜਾਗ ਪਏ ਸਾਰੇ, ਤੈਨੂੰ ਥਾਂ ਨਾ ਲੱਭੂਗਾ.....।

ਹਾਲੇ ਲੋਕ ਪਏ ਨੇ ਸੁੱਤੇ
ਚੋਰਾਂ ਨਾਲ਼ ਰਲ਼ੇ ਨੇ "ਕੁੱਤੇ"
ਲਾ ਲੈ ਜੀਹਨੂੰ ਲਾਉਣਾ ਗੁੱਠੇ
ਓਏ ਜਦ ਬੰਨ੍ਹ ਸਬਰਾਂ ਦੇ ਟੁੱਟੇ, ਭੰਨਿਆ ਜਾਣਾ ਭਾਂਡਾ ਓਏ
ਪੋਹ ਵਿੱਚ ਆਊ ਪਸੀਨਾ, ਛਿੜਨਾ ਹਾੜ੍ਹ 'ਚ ਕਾਂਬਾ ਓਏ....।

ਜਦ ਤੈਂ ਵੋਟਾਂ ਮੰਗਣ ਜਾਣਾ
ਤੈਨੂੰ ਕਿਸੇ ਨੇ ਮੂੰਹ ਨਾ ਲਾਉਣਾ
ਕੀਤਾ ਕੰਮ ਹੀ ਮੂਹਰੇ ਆਉਣਾ
ਤੈਨੂੰ ਪਊ ਆਖਰ ਪਛਤਾਉਣਾ, ਮੁੱਠੀਆਂ ਥੁੱਕੀ ਫਿਰਦੇ ਨੇ
ਧੀ-ਪੁੱਤ ਜਿਨ੍ਹਾਂ ਦੇ ਕੁੱਟੇ, ਡਾਂਗਾਂ ਚੁੱਕੀ ਫਿਰਦੇ ਨੇ..........।

ਜੀਅ ਲੈ ਜਿੰਨਾਂ ਚਿਰ ਤੂੰ ਜੀਣਾ
ਪੀ ਲੈ ਹੋਰ ਲਹੂ ਜੇ ਪੀਣਾ
ਤੈਂ ਆਖਰ ਨੂੰ ਹੋਣਾ ਹੀਣਾ
ਮੈਂ ਪੰਜਾਬ ਹੀ ਹੁੰਦਾ ਸੀ ਨਾ, ਆਹ ਕੀ ਹਾਲ ਬਣਾ ਦਿੱਤਾ
ਖੁਸ਼ਹਾਲ ਹੁੰਦਾ ਸੀ ਕਦੇ ਜੋ ਅੱਜ ਕੰਗਾਲ ਬਣਾ ਦਿੱਤਾ....।

ਦੋਨੋਂ ਬੀ ਜੇ ਪੀ ਤੇ 'ਕਾਲੀ
ਤੀਜੀ ਚਿੱਟੀ ਸਾੜ੍ਹੀ ਵਾਲੀ
ਲੱਗਦੀ ਵਾਹ ਤੇਹਾਂ ਨੇ ਲਾ ਲਈ
ਭਰੇ ਸਵਿੱਸ, ਖਜ਼ਾਨਾ ਖਾਲੀ, ਹੁਣ ਫਿਰ ਹੱਥ 'ਚ ਬਾਟਾ ਏ
ਜ਼ਰਾ ਸੋਚ ਸਮਝ ਕੇ ਆਇਓ, ਸਾਡਾ ਵੀ ਕੜ ਪਾਟਾ ਏ...।

ਤੁਸੀਂ ਵੀ ਸ਼ਰਮ ਕਰੋ ਕੁੱਝ ਲੋਕੋ
ਅਪਣੇ ਬੱਚਿਆਂ ਲਈ ਹੀ ਸੋਚੋ
ਲਾਰੇ ਲਾਏ ਜੋ ਫੱਟੀ ਪੋਚੋ
ਓਹਦੀ ਧੌਣ 'ਚ ਕਿੱਲਾ ਠੋਕੋ, ਥੋਡੇ ਹੱਥ ਪਰਾਣੀ ਐ
ਇਹ ਨਾ ਸੋਚਿਓ ਉੱਪਰ ਵਾਲਾ ਜਾਣੋ-ਜਾਣੀ ਐ....।

(ਸੁਰਜੀਤ ਗੱਗ-9463389628)

1 comment:

  1. bdi himmt nal tusi ta scho-such likh dita e..vdhia rchna h..

    ReplyDelete